ਅਕਾਲੀ ਦਲ ਦੇ ਬਾਗੀ ਆਗੂਆਂ ਦੇ ਖਿਲਾਫ ਵੱਡੀ ਕਾਰਵਾਈ, 7 ਮੁਖ ਆਗੂ ਪਾਰਟੀ ਚੋਂ ਬਾਹਰ ਕੱਢੇ

0
108

ਪੰਜਾਬ ਪੰਥ ਨਿਊਜ਼, ਗੁਰਦਾਸਪੁਰ (ਦੀਪਕ ਕਾਲੀਆ)ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸ਼ਨੀ ਕਮੇਟੀ ਦੀ ਇੱਕ ਹੰਗਾਮੀ ਮੀਟਿੰਗ ਅੱਜ ਚੰਡੀਗੜ੍ਹ ਵਿਖੇ ਕਮੇਟੀ ਦੇ ਚੇਅਰਮੈਨ ਸ. ਬਲਵਿੰਦਰ ਸਿੰਘ ਭੁੰਦੜ ਦੀ ਅਗਵਾਈ ਵਿੱਚ ਹੋਈ। ਇਸ ਵਿੱਚ ਕਮੇਟੀ ਦੇ ਮੈਂਬਰ ਸ. ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸ. ਗੁਲਜਾਰ ਸਿੰਘ ਰਾਣੀਕੇ (ਟੈਲੀਫੋਨ ਰਾਹੀਂ) ਸ਼ਾਮਲ ਹੋਏ।

ਮੀਟਿੰਗ ਵਿੱਚ ਪਿਛਲੇ ਲੰਮੇ ਸਮੇ ਤੋਂ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਲਗਾਤਾਰ ਇੱਕ ਸਾਜਿਸ਼ ਤਹਿਤ ਕੀਤੀਆਂ ਜਾ ਰਹੀਆਂ ਪਾਰਟੀ ਵਿਰੋਧੀ ਕਾਰਵਾਈਆਂ ਦਾ ਗੰਭੀਰਤਾ ਨਾਲ ਨੋਟਿਸ ਲੈਂਦਿਆਂ ਪਾਰਟੀ ਦੇ ਹੇਠ ਲਿਖੇ ਆਗੂਆਂ ਜਿਹਨਾਂ ਵਿੱਚ ਸ. ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ,

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ. ਪਰਮਿੰਦਰ ਸਿੰਘ ਢੀਂਡਸਾ, ਸ. ਸਿਕੰਦਰ ਸਿੰਘ ਮਲੂਕਾ, ਸ. ਸੁਰਜੀਤ ਸਿੰਘ ਰੱਖੜਾ, ਸ. ਸੁਰਿੰਦਰ ਸਿੰਘ ਠੇਕੇਦਾਰ ਅਤੇ ਸ. ਚਰਨਜੀਤ ਸਿੰਘ ਬਰਾੜ ਸ਼ਾਮਲ ਹਨ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ। ਅਨੁਸ਼ਾਸ਼ਨੀ ਕਮੇਟੀ ਲੰਮੇ ਵਿਚਾਰ ਵਟਾਂਦਰੇ ਤੋਂ ਬਾਅਦ ਇਸ ਨਿਰਣੈ ਤੇ ਪਹੁੰਚੀ ਕਿ ਉਪਰੋਕਤ ਆਗੂਆਂ ਵੱਲੋਂ ਲਗਾਤਾਰ ਪਾਰਟੀ ਦੇ ਅਕਸ ਨੂੰ ਢਾਅ ਲਾਉਣ ਵਾਲੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।

ਅਨੁਸ਼ਾਸ਼ਨੀ ਕਮੇਟੀ ਦੇ ਮੈਂਬਰਾਂ ਨੇ ਇਹ ਮਹਿਸੂਸ ਕੀਤਾ ਕਿ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ 26 ਜੂਨ, 2024 ਨੂੰ ਹੋਈ ਮੀਟਿੰਗ ਵਿੱਚ ਇੱਕ ਮਤਾ ਪਾਸ ਕਰਕੇ ਉਪਰੋਕਤ ਸਾਰੇ ਆਗੂਆਂ ਨੂੰ ਸੁਹਿਰਦਤਾ ਨਾਲ ਅਪੀਲ ਕੀਤੀ ਗਈ ਸੀ ਕਿ ਉਹ ਜੋ ਕੁਝ ਵੀ ਕਹਿਣਾ ਚਾਹੁੰਦੇ ਹਨ ਉਹ ਪਾਰਟੀ ਫੋਰਮ ਉਪਰ ਆ ਕੇ ਕਹਿਣ।

ਅਗਰ ਉਹ ਪਾਰਟੀ ਦੀ ਮੀਟਿੰਗ ਵਿੱਚ ਗੱਲ ਕਰਨ ਦੀ ਬਜਾਏ ਬਾਹਰ ਮੀਡੀਆ ਵਿੱਚ ਜਾ ਕੇ ਪਾਰਟੀ ਨੂੰ ਢਾਅ ਲਾਉਣ ਲਈ ਝੂਠਾ ਭੰਡੀ ਪ੍ਰਚਾਰ ਕਰਦੇ ਹਨ ਤਾਂ ਇਹ ਸਮਝਿਆ ਜਾਵੇਗਾ ਕਿ ਉਹਨਾਂ ਦਾ ਪਾਰਟੀ ਜਥੇਬੰਦੀ ਵਿੱਚ ਕੋਈ ਭਰੋਸਾ ਨਹੀਂ। ਪਰ ਇਹਨਾਂ ਆਗੂਆਂ ਨੇ ਸੰਜਮ ਦਿਖਾਉਣ ਦੀ ਥਾਂ ਉਲਟਾ ਪਾਰਟੀ ਖਿਲਾਫ ਖੁੱਲ ਕੇ ਯੋਜਨਾਬੱਧ ਤਰੀਕੇ ਨਾਲ ਕੂੜ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਅਜਿਹੀ ਅਨਸ਼ਾਸ਼ਨਹੀਣਤਾ ਨੂੰ ਕਿਸੇ ਵੀ ਤਰੀਕੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਮੀਟਿੰਗ ਤੋਂ ਬਾਅਦ ਅਨਸ਼ਾਸ਼ਨੀ ਕਮੇਟੀ ਦੇ ਚੇਅਰਮੈਨ ਸ. ਬਲਵਿੰਦਰ ਸਿੰਘ ਭੂੰਦੜ ਨੇ ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਅਨੁਸ਼ਾਸ਼ਨੀ ਕਮੇਟੀ ਲੰਮੇ ਵਿਚਾਰ ਵਟਾਂਦਰੇ ਤੋਂ ਬਾਅਦ ਇਸ ਨਿਚੋੜ ਤੇ ਪਹੁੰਚੀ ਕਿ ਉਪਰੋਕਤ ਸਾਰੇ ਆਗੂਆਂ ਦਾ ਇੱਕੋ-ਇੱਕ ਮਕਸਦ ਪਾਰਟੀ ਦੇ ਦੁਸ਼ਮਣਾਂ ਦੀ ਸ਼ਹਿ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜੋਰ ਕਰਨ ਦਾ ਹੈ। ਪਾਰਟੀ ਇਹਨਾਂ ਹਰਕਤਾਂ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੀ।

ਇਸ ਲਈ ਅਨੁਸ਼ਾਸ਼ਨੀ ਕਮੇਟੀ ਨੇ ਸਰਬਸੰਮਤੀ ਨਾਲ ਫੈਸਲਾ ਕਰਕੇ ਇਹਨਾਂ ਉਪਰੋਕਤ ਸਾਰੇ ਆਗੂਆਂ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰਨ ਦਾ ਫੈਸਲਾ ਕੀਤਾ। ਉਹਨਾਂ ਤਾੜਨਾ ਕੀਤੀ ਕਿ ਭਵਿੱਖ ਵਿੱਚ ਵੀ ਅਗਰ ਕਿਸੇ ਆਗੂ ਵੱਲੋਂ ਪਾਰਟੀ ਅਨੁਸ਼ਾਸ਼ਨ ਨੂੰ ਭੰਗ ਕੀਤਾ ਜਾਵੇਗਾ ਤਾਂ ਉਹਨਾਂ ਖਿਲਾਫ ਵੀ ਸਖਤ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇਗੀ।

ਸ. ਭੁੰਦੜ ਨੇ ਅੱਗੇ ਦੱਸਿਆ ਕਿ ਉਪਰੋਕਤ ਤੋਂ ਇਲਾਵਾ 7 ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਮੌਜੂਦਾ ਹਲਕਾ ਇੰਚਾਰਜਾਂ ਨੂੰ ਵੀ ਤੁਰੰਤ ਪ੍ਰਭਾਵ ਤੋਂ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾਇਆ ਜਾ ਰਿਹਾ ਹੈ।

ਜਲਦੀ ਇਹਨਾਂ ਹਲਕਿਆਂ ਵਿੱਚ ਨਵੇਂ ਹਲਕਾ ਇੰਚਾਰਜ਼ ਸਥਾਨਕ ਵਰਕਰਾਂ ਅਤੇ ਆਗੂਆਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਲਗਾਏ ਜਾਣਗੇ। ਇਹਨਾ 7 ਹਲਕਿਆਂ ਵਿੱਚ ਨਕੋਦਰ, ਭੁਲੱਥ, ਘਨੌਰ, ਸਨੌਰ,ਰਾਜਪੁਰਾ, ਸਮਾਣਾ ਅਤੇ ਗੜਸ਼ੰਕਰ ਹਲਕਿਆਂ ਦੇ ਨਾਮ ਸ਼ਾਮਲ ਹਨ।

Loading

LEAVE A REPLY

Please enter your comment!
Please enter your name here