ਪੰਜਾਬ ਪੰਥ ਨਿਊਜ਼, ਗੁਰਦਾਸਪੁਰ (ਦੀਪਕ ਕਾਲੀਆ) ਪੰਡਿਤ ਮੋਹਨ ਲਾਲ ਐਸ ਡੀ ਕਾਲਜ ਫਾਰ ਵੋਮੈਨ, ਗੁਰਦਾਸਪੁਰ ਦੇ ਪ੍ਰਿੰਸੀਪਲ ਡਾ.ਨੀਰੂ ਸ਼ਰਮਾ ਜੀ ਨੇ ਬੜੇ ਉਤਸ਼ਾਹ ਨਾਲ ਦੱਸਿਆ ਕਿ ਇੱਕ ਵਾਰ ਫਿਰ ਐਸ ਡੀ ਕਾਲਜ ਦੀਆਂ ਵਿਦਿਆਰਥਣਾਂ ਨੇ ਰਚਿਆ ਇਤਿਹਾਸ। ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਐਲਾਨੇ ਨਤੀਜੇ ਬੀਐਸਸੀ ਸਮੈਸਟਰ ਛੇਵਾਂ ਮੈਡੀਕਲ,ਨਾਨ ਮੈਡੀਕਲ ਅਤੇ ਕੰਪਿਊਟਰ ਸਾਇੰਸ ਵਿੱਚੋਂ ਐਸ ਡੀ ਕਾਲਜ ਦਾ ਨਤੀਜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਅਧੀਨ ਆਉਂਦੇ ਪੰਜਾਬ ਦੇ ਸਾਰਿਆਂ ਕਾਲਜਾਂ ਵਿੱਚੋਂ ਸਭ ਨਾਲੋਂ ਅਲੱਗ ਰਿਹਾ। ਉਨ੍ਹਾਂ ਨੇ ਕਿਹਾ ਕਿ ਸਾਡੇ ਕਾਲਜ ਦੀਆਂ ਵਿਦਿਆਰਥਣਾਂ ਕੁਮਾਰੀ ਰਮਨਦੀਪ ਕੌਰ, ਰਾਜਵਿੰਦਰ ਕੌਰ ਅਤੇ ਕਾਮਿਨੀ ਸ਼ਰਮਾ ਨੇ ਕ੍ਰਮਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਮੈਰਿਟ ਸੂਚੀ ਵਿੱਚ ਪਹਿਲੀਆਂ ਤਿੰਨ ਮੈਰਿਟਾਂ ਤੇ ਕਾਬਜ਼ ਰਹੀਆਂ। ਉਨ੍ਹਾਂ ਨੇ ਕਿਹਾ ਕਿ ਤਿੰਨਾਂ ਵਿਦਿਆਰਥਣਾਂ ਨੇ ਕ੍ਰਮਵਾਰ 89.58%,89.1% ਅਤੇ 89.04% ਅੰਕ ਪ੍ਰਾਪਤ ਕਰਕੇ ਪਹਿਲਾਂ,ਦੂਸਰਾ ਅਤੇ ਤੀਸਰਾ ਮੈਰਿਟ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਕੁਮਾਰੀ ਵਿਸ਼ਾਲੀ ਨੇ 84.91% ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਸੱਤਵਾਂ ਸਥਾਨ, ਕੁਮਾਰੀ ਗੁਰਸਿਮਰਨ ਅਤੇ ਅਮਨਦੀਪ ਕੌਰ ਨੇ ਕ੍ਰਮਵਾਰ 84.79%,84.62% ਅੰਕ ਪ੍ਰਾਪਤ ਕਰਕੇ ਦੱਸਵੇਂ ਮੈਰਿਟ ਤੇ ਰਹੀਆਂ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਤਿਆਰ ਕੀਤੀ ਦੱਸਾਂ ਵਿਦਿਆਰਥੀਆਂ ਦੀ ਮੈਰਿਟ ਸੂਚੀ ਵਿੱਚੋਂ ਛੇ ਮੈਰਿਟਾਂ ਸਾਡੇ ਕਾਲਜ ਦੀਆਂ ਸਨ।ਇਸ ਤੋਂ ਇਲਾਵਾ ਬਾਕੀ ਵਿਦਿਆਰਥਣਾਂ ਨੇ ਵੀ ਬਹੁਤ ਹੀ ਵਧੀਆ ਅੰਕ ਪ੍ਰਾਪਤ ਕੀਤੇ। ਇਨ੍ਹਾਂ ਵਿਦਿਆਰਥੀਆਂ ਨੂੰ ਕਾਲਜ ਬੁਲਾ ਕੇ ਫੁੱਲਾਂ ਦੇ ਹਾਰ ਗਲਾਂ ਵਿੱਚ ਪਾ ਕੇ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ੍ਉਨ੍ਹਾਂ ਨੇ ਵਿਦਿਆਰਥੀਆਂ ਨੂੰ, ਉਨ੍ਹਾਂ ਦੇ ਮਾਤਾ ਪਿਤਾ ਅਤੇ ਉਨ੍ਹਾਂ ਨੂੰ ਇਸ ਮੁਕਾਮ ਪਹੁੰਚਾਉਣ ਤੇ ਕਾਲਜ ਦੀ ਸਾਇੰਸ ਫੈਕਲਟੀ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ਪੂਰੇ ਸਮੈਸਟਰਾਂ ਵਿੱਚ ਲਗਨ ਤੇ ਮਿਹਨਤ ਨਾਲ ਪੜਾਇਆ। ਕਾਲਜ ਮੈਨੇਜਮੈਂਟ ਦੇ ਪ੍ਰੈਜੀਡੈਂਟ ਮੈਡਮ ਵਿਸ਼ਾਲੀ ਸ਼ਰਮਾ, ਸੈਕਟਰੀ ਡਾ. ਪੀ ਕੇ ਬਜਾਜ ਅਤੇ ਲੋਕਲ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਸ੍ਰੀ ਹੀਰਾ ਮਨੀ ਅਗਰਵਾਲ ਵੱਲੋਂ ਮੈਰਿਟ ਸੂਚੀ ਵਿੱਚ ਆਉਣ ਵਾਲੀਆਂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਹੋਰ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਸਾਇੰਸ ਵਿਭਾਗ ਨੇ ਮੁੱਖੀ ਮਿਸਿਜ਼ ਗੁਰਦੀਪ ਕੌਰ ਡਾ.ਰੁਪਿੰਦਰ ਕੌਰ ਅਤੇ ਬਾਕੀ ਫੈਕਲਟੀ ਨੂੰ ਵੀ ਵਧਾਈ ਦਿੱਤੀ।